ਜਿੰਦਗੀ ਦਾ ਨਿਚੋੜ

ਰਿਸ਼ਤੇ ਵਿਚ ਉਹ ਲੱਗਦੀ ਤਾਂ ਭਾਵੇਂ ਮੇਰੀ ਸਕੀ ਭੂਆ ਹੀ ਸੀ ਪਰ ਪਤਾ ਨਹੀਂ ਕਿਓਂ ਉਸਦਾ ਇਸ ਤਰਾਂ ਹਰ ਵਾਰ ਬਿਨਾ ਦਸਿਆ ਸਾਡੇ ਘਰੇ ਆ ਜਾਣਾ ਮੈਨੂੰ ਚੰਗਾ ਨਾ ਲੱਗਦਾ..!

ਉਹ ਟੌਹਰ ਵਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ..ਡਰਾਈਵਰ ਬੂਹਾ ਖੋਲ੍ਹਦਾ ਤਾਂ ਬਾਹਰ ਨਿੱਕਲਦੀ..!

ਫੇਰ ਸਾਡੇ ਘਰ ਦੀ ਹਰ ਨੁੱਕਰ ਦਾ ਬਾਰੀਕੀ ਨਾਲ ਮੁਆਇਨਾ ਹੁੰਦਾ..ਵੇਹੜੇ ਵਿਚ ਗੋਹਾ ਫੇਰਦੀ ਮੇਰੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਹੀ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਕਿੰਨੀਆਂ ਗੱਲਾ ਪੁੱਛਦੀ ਫੇਰ ਥੋੜੀ ਦੇਰ ਬਾਅਦ ਗੱਲਬਾਤ ਮੇਰੇ ਵੱਲ ਕੇਂਦਰਿਤ ਹੋ ਜਾਂਦੀ..!

ਉਹ ਕਦੀ ਮੇਰੇ ਕੱਪੜਿਆਂ ਅਤੇ ਕਦੀ ਮੇਰੇ ਕਦ ਤੇ ਟਿੱਪਣੀ ਕਰਦੀ ਅਤੇ ਕਦੇ ਪੇਪਰਾਂ ਵਿਚੋਂ ਆਏ ਹੋਏ ਮੇਰੇ ਨੰਬਰ ਉਸਨੂੰ ਬੜੇ ਜਿਆਦਾ ਘੱਟ ਲੱਗਦੇ..!
ਫੇਰ ਬਹਾਨੇ ਜਿਹੇ ਨਾਲ ਫੌਜ ਵਿਚ ਅਫਸਰ ਭਰਤੀ ਹੋਏ ਆਪਣੇ ਮੁੰਡੇ ਦਾ ਜਿਕਰ ਛੇੜ ਲਿਆ ਕਰਦੀ..ਕਦੇ ਕਨੇਡਾ ਵਿਆਹੀ ਆਪਣੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ..ਉਹ ਉਡੀਕਦੀ ਰਹਿੰਦੀ ਕਦੋਂ ਮਾਂ ਦੇ ਚੇਹਰੇ ਤੇ ਹੀਣ-ਭਾਵਨਾ ਵਾਲੇ ਪ੍ਰਭਾਵ ਪ੍ਰਕਟ ਹੋਣ..!

ਏਨੇ ਨੂੰ ਮੇਰਾ ਬਾਪ ਬਾਹਰੋਂ ਮਿੱਟੀਓਂ ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਵੇ ਗੁਰਮੁਖਾ ਤੂੰ ਵੀ ਆਪਣੀ ਬਾਹਰ ਹੀ ਵਿਆਹ ਦੇ..ਮੁੜ ਇਹ ਸਾਰਾ ਟੱਬਰ ਆਪਣੇ ਕੋਲ ਸੱਦ ਲਊ ਤੇ ਤੁਹਾਡੀ ਇਹ ਜੂਨ ਵੀ ਕੱਟੀ ਜਾਊ..!
ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜਾਕ ਉਡਾ ਰਹੀ ਏ..ਇਹ ਸਾਰਾ ਕੁਝ ਸੁਣ ਮੇਰੀ ਮਾਂ ਚੁੱਪ ਜਿਹੀ ਹੋ ਜਾਂਦੀ..ਤੇ ਬਾਪ ਹੱਸਦਾ ਹੋਇਆ ਬਾਹਰ ਨੂੰ ਨਿੱਕਲ ਜਾਂਦਾ..ਉਸਨੂੰ ਕਦੀ ਵੀ ਗੁੱਸਾ ਨਹੀਂ ਸੀ ਲੱਗਾ..ਵੱਡੀ ਭੈਣ ਜੂ ਲੱਗਦੀ ਸੀ ਉਸਦੀ..!

ਵਾਵਰੋਲੇ ਵਾਂਙ ਆਈ ਉਹ ਕੁਝ ਘੰਟਿਆਂ ਬਾਅਦ ਹੀ ਢੇਰ ਸਾਰੀਆਂ ਖ਼ਾਤਰਾਂਂ ਕਰਵਾ ਵਾਪਿਸ ਮੁੜ ਜਾਇਆ ਕਰਦੀ..
ਮਗਰੋਂ ਸਾਡੇ ਘਰੇ ਕਲੇਸ਼ ਪੈ ਜਾਂਦਾ..ਉਸਦੀਆਂ ਆਖੀਆਂ ਦਾ ਜਿਕਰ ਕਰ ਮਾਂ ਬਾਪ ਆਪਸ ਵਿਚ ਲੜ ਪਿਆ ਕਰਦੇ..ਮਾਂ ਅਕਸਰ ਆਖਦੀ ਮੈਂ ਨਹੀਂ ਵਿਆਉਣੀ ਅਜੇ ਤੇ ਬਾਪ ਆਖ ਦਿੰਦਾ ਕੇ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਵੀ ਕੀ ਏ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਜੇ ਮੇਰਾ ਰਿਸ਼ਤਾ ਇਸ ਔਰਤ ਦੇ ਰਾਹੀ ਹੋਇਆ ਤਾਂ ਮੈਨੂੰ ਸਾਰੀ ਉਮਰ ਇਸਦੀ ਗੁਲਾਮੀ ਕਰਨੀ ਪੈਣੀ ਏ..ਇਹ ਮੈਨੂੰ ਜੁੱਤੀ ਦੇ ਤਲੇ ਹੇਠ ਰੱਖੂ..!

ਫੇਰ ਕੁਝ ਦਿਨਾਂ ਮਗਰੋਂ ਰਿਸ਼ਤੇ ਵਾਸਤੇ ਨਵੀਂ ਫੋਟੋ ਘੱਲ ਦਿਆ ਕਰਦੀ..
ਨਾਲ ਰੁੱਕਾ ਲਿਖ ਦੀਆ ਕਰਦੀ ਕੇ ਮੁੰਡੇ ਦੀ ਉਮਰ ਅਤੇ ਸ਼ਕਲ ਤੇ ਨਾ ਜਾਇਓ..ਲੱਖਾਂ ਦਾ ਕਾਰੋਬਾਰ ਏ..ਪੈਸਿਆਂ ਵਿਚ ਖੇਡਦਾ ਅਗਲਾ..!
ਮੈਂ ਫੋਟੋ ਵੇਖਦੀ ਤਾਂ ਉਹ ਮੈਨੂੰ ਬਾਪ ਦਾ ਹਾਣੀ ਲੱਗਦਾ..ਫੇਰ ਮੈਂ ਕਿੰਨਾ ਚਿਰ ਬੈਠੀ ਮਾਂ ਨਾਲ ਦਿਲ ਫਰੋਲਦੀ ਰਹਿੰਦੀ..
ਸਾਡੇ ਘਰ ਫੇਰ ਕਲੇਸ਼ ਪੈ ਜਾਇਆ ਕਰਦਾ..ਕਿੰਨੇ ਦਿਨ ਆਪਸੀ ਬੋਲਚਾਲ ਵੀ ਬੰਦ ਰਹਿੰਦੀ..ਉੱਤੋਂ ਉਹ ਸੁਨੇਹੇ ਤੇ ਸੁਨੇਹਾ ਘੱਲਦੀ ਰਹਿੰਦੀ..ਕੇ ਛੇਤੀ ਕੋਈ ਜੁਆਬ ਦੇਵੋ!

ਮਾਂ ਹਮੇਸ਼ਾਂ ਮੇਰਾ ਪੱਖ ਪੂਰਿਆ ਕਰਦੀ..ਆਖਦੀ ਤੂੰ ਬੱਸ ਪੜਾਈ ਵੱਲ ਧਿਆਨ ਦੇ..ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ..ਸੰਘਣੇ ਬੋਹੜ ਦੀ ਛਾਂ ਵਰਗੀ..ਤਪਦੀ ਦੁਪਹਿਰ ਵਿਚ ਠੰਡੀ ਹਵਾ ਦੇ ਬੁੱਲੇ ਵਰਗੀ..!

ਫੇਰ ਅਚਾਨਕ ਇੱਕ ਬਿਜਲੀ ਆਣ ਡਿੱਗੀ..ਇੱਕ ਦਿਨ ਧਾਰਾਂ ਚੋਣ ਗਈ ਮੇਰੀ ਮਾਂ ਨੂੰ ਕਰੰਟ ਲੱਗ ਗਿਆ..ਥਾਏਂ ਮੁੱਕ ਗਈ..ਸੰਸਕਾਰ ਮਗਰੋਂ ਕਿੰਨੇ ਦਿਨ ਇਤਬਾਰ ਜਿਹਾ ਨਾ ਹੋਇਆ ਕਰੇ ਕੇ ਉਹ ਹੁਣ ਹੈ ਨਹੀਂ..!

ਕਿੰਨੀ ਵਾਰ ਭੁਲੇਖੇ ਪੈਂਦੇ..ਕੰਸੋਵਾਂ ਜਿਹੀਆਂ ਹੁੰਦੀਆਂ..ਝੌਲੇ ਪੈਦੇ ਕੇ ਉਹ ਕਿਧਰੇ ਲਾਗੇ ਹੀ ਤੁਰੀ ਫਿਰਦੀ ਹੈ ਪਰ ਮੈਂ ਆਪਣਾ ਰੋਣਾ ਡੱਕ ਲਿਆ ਕਰਦੀ..ਦੋ ਨਿੱਕੇ ਭੈਣ ਭਾਈ ਵੀ ਸਨ..ਉਹ ਵੀ ਤਾਂ ਨਾਲ ਹੀ ਸ਼ੁਰੂ ਹੋ ਜਾਇਆ ਕਰਦੇ..ਪਰ ਜਦੋਂ ਕਿਧਰੇ ਵੀ ਸੁਰਿੰਦਰ ਕੌਰ ਦਾ ਇਹ ਗੀਤ ਸੁਣਦੀ ਕੇ "ਆਖ ਸੂ ਨੀ ਮਾਇ ਏਨੂੰ ਰੋਏ ਬੁੱਲ ਚਿੱਥ ਕੇ ਨੀ..ਜੱਗ ਕਿਤੇ ਸੁਣ ਨਾ ਲਵੇ" ਤਾਂ ਫੇਰ ਡੱਕਣਾ ਡਾਹਢਾ ਔਖਾ ਹੋ ਜਾਂਦਾ!

ਹੁਣ ਮੇਰੀ ਜੁੰਮੇਵਾਰੀ ਵੱਧ ਗਈ..ਨਾਲ ਨਾਲ ਭੂਆ ਦਾ ਸਾਡੇ ਘਰ ਵਿਚ ਦਖਲ ਵੀ..
ਫੇਰ ਇੱਕ ਦਿਨ ਉਸਨੇ ਇੱਕ ਰਿਸ਼ਤੇ ਦੀ ਦੱਸ ਪਾਈ..ਮੁੰਡਾ ਇੰਗਲੈਂਡ ਪੜਾਈ ਕਰਨ ਗਿਆ ਸੀ..ਭੂਆ ਦੇ ਸਹੁਰਿਆਂ ਵੱਲ ਦੀ ਰਿਸ਼ਤੇਦਾਰੀ ਵਿਚੋਂ ਸੀ..ਮੈਂ ਨਾਂਹ ਕਰਨ ਦੀ ਸਥਿਤੀ ਵਿਚ ਨਹੀਂ ਸਾਂ..ਇੱਕ ਗੱਲ ਜਿਹੜੀ ਮੈਨੂੰ ਦਿਲਾਸਾ ਦੇ ਰਹੀ ਸੀ ਕੇ ਇਸ ਵਾਰ ਮੁੰਡਾ ਵੱਡੀ ਉਮਰ ਦਾ ਨਹੀਂ ਸੀ..ਡੋਲੀ ਤੁਰਨ ਵੇਲੇ ਦੋਵੇਂ ਨਿੱਕੇ ਬੜਾ ਰੋਏ..ਮੈਂ ਦਿਲਾਸਾ ਦਿੱਤਾ ਕੇ ਫਿਕਰ ਨਾ ਕਰਿਓ..ਆਉਂਦੀ ਜਾਂਦੀ ਰਹਾਂਗੀ..!

ਫੇਰ ਇੱਕ ਹੋਰ ਵਾਪਰੀ ਨੇ ਰਹਿ ਗਏ ਮੇਰੇ ਸਾਹ ਸੱਤ ਵੀ ਕੱਢ ਲਏ..

ਮੈਨੂੰ ਵਿਆਹੀ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕੇ ਭੂਆ ਨੇ ਮੇਰੇ ਬਾਪ ਦਾ ਦੂਜਾ ਵਿਆਹ ਕਰ ਦਿੱਤਾ..
ਮੈਂ ਬੁਰੀ ਤਰਾਂ ਠੱਗਿਆ ਹੋਇਆ ਮਹਿਸੂਸ ਕੀਤਾ..ਮੇਰੇ ਵਿਆਹ ਦੀ ਅਸਲ ਕਹਾਣੀ ਮੇਰੇ ਜ਼ਿਹਨ ਵਿਚ ਘੁੰਮ ਗਈ..
ਮੈਨੂੰ ਇਸੇ ਲਈ ਹੀ ਵਿਆਹਿਆ ਗਿਆ ਸੀ ਕੇ ਰਾਹ ਵਿਚ ਕੋਈ ਅੜਿੱਕਾ ਨਾ ਡਾਹਵੇ..ਇਸ ਮਗਰੋਂ ਚਾਰੇ ਪਾਸਿਓਂ ਚੁਣੌਤੀਆਂ ਦੀ ਸੁਨਾਮੀ ਜਿਹੀ ਆ ਗਈ..ਫੇਰ ਬੜਾ ਕੁਝ ਹੋਇਆ..ਪਹਿਲਾਂ ਮੇਰਾ ਤਲਾਕ..ਫੇਰ ਮੇਰੀ ਨਿੱਕੀ ਭੈਣ ਦਾ ਤੋੜ-ਵਿਛੋੜਾ ਅਤੇ ਫੇਰ ਨਿੱਕੇ ਵੀਰ ਦਾ ਵਿਆਹ ਮਗਰੋਂ ਸਾਥੋਂ ਮੂੰਹ ਮੋੜ ਜਾਣਾ..
ਫੇਰ ਇੱਕ ਦਿਨ ਬਾਪ ਵੀ ਚਲਾ ਗਿਆ..ਚੰਗਾ ਸੀ ਤੇ ਭਾਵੇਂ ਮਾੜਾ..ਪਰ ਜਦੋਂ ਖਬਰ ਸੁਣੀ ਤਾਂ ਬੜਾ ਰੋਈ..ਮਾਂ ਵੀ ਬੜਾ ਚੇਤੇ ਆਈ..!

ਹੁਣ ਅਕਸਰ ਹੀ ਨਵੀਂ ਮਾਂ ਅਤੇ ਮੇਰੇ ਵੀਰ ਵਿਚਕਾਰ ਚੱਲਦੇ ਜਾਇਦਾਤ ਦੀ ਝਗੜੇ ਦੀਆਂ ਪੈਂਦੀਆਂ ਲੰਮੀਆਂ ਤਰੀਕਾਂ ਤੇ ਜਾਣਾ ਪੈ ਜਾਂਦਾ ਏ..
ਕਦੀ ਕਦੀ ਸਬੱਬ ਨਾਲ ਉਸ ਵੇਹੜੇ ਦਾ ਚੱਕਰ ਵੀ ਲੱਗ ਹੀ ਜਾਂਦਾ ਜਿਥੇ ਕਿਸੇ ਵੇਲੇ ਮੇਰੀ ਮਾਂ ਗੋਹਾ ਫੇਰਦੀ ਕਦੀ ਨਾ ਥੱਕਿਆ ਕਰਦੀ..ਫੇਰ ਕਿੰਨਾ ਕਿੰਨਾ ਚਿਰ ਓਥੇ ਬੈਠੀ ਅਤੀਤ ਵਿਚ ਪਾਈਆਂ ਗੁੰਝਲਾਂ ਕੱਢਦੀ ਰਹਿੰਦੀ ਹਾਂ..ਅਖੀਰ ਦਿਨ ਢਲੇ ਵਾਪਿਸ ਪਰਤਣਾ ਪੈਂਦਾ..!

ਆਪਣੀ ਜਿੰਦਗੀ ਦਾ ਵਿਸ਼ਲੇਸ਼ਣ ਕਰਦੀ ਹੋਈ ਦੋ ਗੱਲਾਂ ਆਖਣਾ ਚਾਹੁੰਦੀ ਹਾਂ..!

ਪਹਿਲੀ ਇਹ ਕੇ ਜਰੂਰੀ ਨਹੀਂ ਕੇ ਜਿੰਦਗੀ ਵਿਰਾਸਤ ਵਿਚ ਸਾਨੂੰ ਹਮੇਸ਼ਾਂ ਸੋਨੇ ਚਾਂਦੀ ਅਤੇ ਵੱਡੀਆਂ ਜਾਇਦਾਤਾਂ ਨਾਲ ਲਬਰੇਜ ਮਹਿੰਗੇ ਤੋਹਫੇ ਹੀ ਭੇਂਟ ਕਰਦੀ ਹੋਵੇ..ਕਈ ਵਾਰ ਇਨਸਾਨ ਨੂੰ ਆਪਣੇ ਸਿਰ ਤੇ ਮੁਫ਼ਤ ਵਿਚ ਮਿਲ ਗਈਆਂ ਅਣਕਿਆਸੀ ਜੁੰਮੇਵਾਰੀ ਦੀਆਂ ਕਿੰਨੀਆਂ ਸਾਰੀਆਂ ਪੰਡਾ ਵੀ ਚੁੱਕਣੀਆਂ ਪੈ ਜਾਂਦੀਆਂ ਨੇ..!

ਦੂਜਾ ਧੀਆਂ ਵਾਸਤੇ ਜੰਮਣ ਵਾਲੀ ਦਾ ਅਖੀਰ ਵੇਲੇ ਤੱਕ ਕੋਲ ਹੋਣਾ ਓਨਾ ਹੀ ਜਰੂਰੀ ਏ ਜਿੰਨਾ ਸਾਹਾਂ ਦੀ ਡੋਰ ਚੱਲਦੀ ਰੱਖਣ ਲਈ ਤਾਜੀ ਹਵਾ ਦੇ ਬੁੱਲਿਆਂ ਦਾ..ਬਾਹਰੀ ਲੋਕ ਹਮਦਰਦੀ ਦਾ ਵਗ ਤੁਰਿਆ ਥੋੜ ਚਿਰਾ ਦਰਿਆ ਸੁੱਕਦਿਆਂ ਹੀ ਮੁੜ ਆਪਣੀ ਦੁਨੀਆਂ ਵਿਚ ਰੁੱਝ ਜਾਇਆ ਕਰਦੀ ਏ ਤੇ ਤੁਸੀਂ ਰਹਿ ਜਾਂਦੇ ਓ..ਕੱਲਮ-ਕੱਲੇ..ਸਿਖਰ ਦੁਪਹਿਰੇ..ਉਹ ਵੀ ਬਿਨਾ ਛਤਰੀ ਤੋਂ..ਤਿੱਖੀ ਧੁੱਪ ਦੀ ਮਾਰ ਹੇਠ!

(ਇਸ ਸੱਚੇ ਬਿਰਤਾਂਤ ਦਾ ਮਕਸਦ ਭੂਆ ਵਰਗੇ ਮਿੱਠੇ ਰਿਸ਼ਤੇ ਨੂੰ ਭੰਡਣਾ ਹਰਗਿਜ ਵੀ ਨਹੀਂ)

ਹਰਪ੍ਰੀਤ ਸਿੰਘ ਜਵੰਦਾ

Comments

Popular Posts