ਮਨ ਟੁੰਬਦਾ

ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ "ਦਲਾਲ" ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..!
ਪਰ ਹਕੀਕਤ ਤਾਂ ਇਹ ਸੀ ਕੇ ਇਸੇ ਦਲਾਲੀ ਦੇ ਪੈਸੇ ਨਾਲ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ..

ਚੰਡੀਗੜੋਂ ਬਦਲ ਕੇ ਆਏ ਉਸ ਪਰਿਵਾਰ ਨੇ ਪਹਿਲਾਂ ਹੀ ਆਖ ਛੱਡਿਆ ਸੀ ਕੇ "ਸਾਡੀ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..

ਹੁਣ ਏਨੇ ਘੱਟ ਕਿਰਾਏ ਲਈ ਖੂੰਜੇ ਵਾਲੀ ਬੀਜੀ ਦਾ ਘਰ ਹੀ ਬਚਿਆ ਸੀ..

ਪਰ ਜਦੋਂ ਉਸ ਨਾਲ "ਅੱਠ ਹਜਾਰ" ਕਿਰਾਏ ਵਾਲੀ ਗੱਲ ਕੀਤੀ ਤਾਂ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ "ਦਸ ਹਜਾਰ" ਤੋਂ ਇੱਕ ਪੈਸਾ ਵੀ ਘੱਟ ਨੀ ਹੋਵੇਗਾ..!

ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਸੱਤਰ ਕੂ ਸਾਲ ਦੀ ਉਹ ਬੀਜੀ..ਸੁਭਾਅ ਬਹੁਤ ਹੀ ਜਿਆਦਾ ਸਖਤ..ਉੱਤੋਂ ਕਿਰਾਏਦਾਰਾਂ ਲਈ ਕਿੰਨੀਆਂ ਸਾਰੀਆਂ ਸ਼ਰਤਾਂ..ਕੋਈ ਘੱਟ ਹੀ ਟਿਕਦਾ ਸੀ..ਲੋਕਾਂ "ਲੜਾਕੀ" ਨਾਮ ਰਖਿਆ ਹੋਇਆ ਸੀ ਉਸਦਾ..!

ਦੱਸਦੇ ਜਦੋਂ ਦਾ ਕੱਲਾ ਕੱਲਾ ਪੁੱਤ ਪਰਿਵਾਰ ਸਮੇਤ ਕਨੇਡਾ ਪਰਵਾਸ ਮਾਰ ਗਿਆ..ਅੱਗੇ ਨਾਲੋਂ ਹੋਰ ਵੀ ਜਿਆਦਾ ਚਿੜਚਿੜੀ ਹੋ ਗਈ ਸੀ..!

ਖੈਰ ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..

ਨਾਲ ਹੀ ਵੇਖਣ ਆਏ ਪਰਿਵਾਰ ਦੇ ਮੁਖੀ ਦੇ ਕੰਨਾਂ ਵਿਚੋਂ ਇਹ ਗੱਲ ਵੀ ਕੱਢ ਦਿੱਤੀ ਕੇ ਭਾਈ "ਦਸ ਹਜਾਰ" ਤੋਂ ਘੱਟ ਗੱਲ ਨਹੀਂ ਜੇ ਬਣਨੀ..!

ਜਦੋਂ ਘਰ ਵਿਖਾ ਕੇ ਬਾਹਰ ਨੂੰ ਤੁਰਨ ਲਗਿਆ ਤਾਂ ਵੇਹੜੇ ਬੈਠੀ ਨੇ ਮਗਰੋਂ ਵਾਜ ਮਾਰ ਲਈ..

ਆਖਣ ਲੱਗੀ "ਜਾ ਪੁੱਤਰਾ ਮੇਰੇ ਵਲੋਂ "ਹਾਂ" ਕਰ ਦੇ.."ਅੱਠ ਹਜਾਰ" ਦੇ ਹਿੱਸਾਬ ਨਾਲ ਭਾਵੇਂ ਕੱਲ ਨੂੰ ਸਮਾਨ ਲੈ ਆਉਣ..ਕੋਈ ਅਡਵਾਂਸ ਕਿਰਾਇਆ ਵੀ ਨਹੀਂ ਚਾਹੀਦਾ..ਤੇ ਤੇਰਾ ਕਮਿਸ਼ਨ ਵੀ ਡੇਢ ਗੁਣਾਂ.."

ਮੈਨੂੰ ਆਪਣੇ ਕੰਨਾਂ ਤੇ ਇਤਬਾਰ ਜਿਹਾ ਨਾ ਆਵੇ..ਇਹ ਬੀਜੀ ਨੂੰ ਕੀ ਹੋ ਗਿਆ..!

ਫੇਰ ਮੈਨੂੰ ਸ਼ਸ਼ੋਪੰਝ ਵਿਚ ਪਏ ਹੋਏ ਨੂੰ ਵੇਖ ਹੱਸਦੀ ਹੋਈ ਆਖਣ ਲੱਗੀ."ਵੇ ਕਮਲਿਆ ਤੂੰ ਵੇਖਿਆ ਨੀ..ਨਿੱਕੇ ਨਿੱਕੇ ਫੁੱਲਾਂ ਵਰਗੇ ਮਲੂਕੜੇ ਜਿਹੇ ਦੋ ਬਾਲ..ਕਿੱਦਾਂ ਖੇਡੇ ਲੱਗੇ ਹੋਏ ਸਨ..ਪਤਾ ਨਹੀਂ ਵਿਚਾਰਿਆਂ ਦੇ ਪਿਓ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਏ..ਮੈਨੂੰ ਬੁਢੀ ਨੂੰ ਜੇ ਦੋ ਘੱਟ ਵੀ ਮਿਲ ਜਾਣ ਤਾਂ ਕੋਈ ਫਰਕ ਨੀ ਪੈਣਾ..ਘਟੋ ਘੱਟ ਚਿਰਾਂ ਤੋਂ ਸੁੰਞੇ ਹੋ ਗਏ ਇਸ ਵੇਹੜੇ ਵਿਚ ਸਾ ਦਿਹਾੜੀ ਰੌਣਕ ਤੇ ਲੱਗੀ ਰਿਹਾ ਕਰੂ..!

ਝੁਰੜੀਆਂ ਦੇ ਰੇਗੀਸਥਾਨ ਵਿਚ ਘਿਰੀਆਂ ਸੁੰਨੀਆਂ ਜਿਹੀਆਂ ਦੋ ਅੱਖੀਆਂ ਵਿਚੋਂ ਉਮੀਦ ਨਾਮ ਦਾ ਖੂਬਸੂਰਤ ਚਸ਼ਮਾ ਹੁਣ ਬਸੰਤ ਬਹਾਰ ਬਣ ਵਹਿ ਤੁਰਿਆ ਸੀ..!

ਖੁਸ਼ੀ ਦੀ ਇਹ ਖਬਰ ਦੱਸਣ ਭੱਜ ਕੇ ਜਦੋਂ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਦੋਵੇਂ ਪਹਿਲਾਂ ਹੀ ਫੈਸਲਾ ਕਰ ਆਖਣ ਲੱਗੇ ਕੇ ਭਾਜੀ ਸਾਨੂੰ ਇਹ ਘਰ "ਦੱਸ ਹਜਾਰ" ਵਿਚ ਵੀ ਪਸੰਦ ਏ..!

ਹੁਣ ਦੋਚਿੱਤੀ ਵਿਚ ਸਾਂ ਕੇ ਇਹਨਾਂ ਨੂੰ ਕਿਦਾ ਦੱਸਾਂ ਕੇ ਅੰਦਰ ਵਾਲੀ ਤਾਂ "ਅੱਠ ਹਜਾਰ" ਵਿਚ ਹੀ ਮੰਨ ਗਈ ਏ..!

ਪਰ ਇਸਤੋਂ ਪਹਿਲਾ ਕੇ ਮੇਰੇ ਮੂਹੋਂ ਕੋਈ ਗੱਲ ਨਿੱਕਲਦੀ..ਓਹਨਾ ਦੋਹਾਂ ਨੇ ਏਨੀ ਗੱਲ ਆਖ ਮੈਨੂੰ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਕੇ "ਭਾਜੀ ਅੱਜਕੱਲ ਕਿਰਾਏ ਦੇ ਘਰਾਂ ਵਿਚ ਮੁਫ਼ਤ ਦੀਆਂ "ਮਾਵਾਂ" ਤੇ "ਦਾਦੀਆਂ" ਕਿਥੇ ਲੱਭਦੀਆਂ ਨੇ.."

ਸੱਚ ਜਾਣਿਓਂ ਦੋਸਤੋ ਜਿੰਦਗੀ ਦਾ ਸ਼ਾਇਦ ਇਹ ਮੇਰਾ ਪਹਿਲਾ ਐਸਾ ਸੌਦਾ ਸੀ ਜਿਥੇ "ਡੇਢ ਗੁਣਾਂ ਦਲਾਲੀ" ਦੇ ਨਾਲ ਨਾਲ ਢੇਰ ਸਾਰਾ "ਰੂਹ ਦਾ ਸੁਕੂਨ" ਵੀ ਮੁਫ਼ਤ ਵਿਚ ਹੀ ਮਿਲ ਗਿਆ..!

ਹਰਪ੍ਰੀਤ ਸਿੰਘ ਜਵੰਦਾ

Comments

Popular Posts